ਕੰਡੇ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਯੈਸ ਸਰ
ਇਕ ਸਵੇਰ ਜੰਗਲ ਦੇ ਰਾਜਾ ਜੀ ਨੇ ਸਾਰੇ ਜਾਨਵਰਾਂ ਨਾਲ ਮੀਟਿੰਗ ਰੱਖੀ ਹੋਈ ਸੀ । ਰਾਜਾ ਬਹੁਤ ਹੀ ਖੁਸ਼ਾਮਦ ਕਰਵਾਉਣ ਵਾਲਾ ਸੀ । ਉਹ ਹਰ ਵੇਲੇ ਚਮਚਾਗਿਰੀ ਭਾਲਦੇ ਸਨ।
“ਮੀਟਿੰਗ ਸ਼ੁਰੂ ਕਰ ਦਿਉ ।” ਰਾਜਾ ਜੀ ਨੇ ਹੁਕਮ ਦਿੱਤਾ
“ਜੀ ਜਨਾਬ ਸ਼ੁਰੂ ਕਰ ਦਿੱਤੀ ਸਰ ।”ਗਿੱਦੜ ਬੋਲਿਆ ਸੀ ਪਰ ਪਰਜ਼ਾ ਨੂੰ ਇਹ ਪਤਾ ਨਹੀਂ ਸੀ ਕਿ ਮੀਟਿੰਗ ਕਾਹਦੀ ਕਰਨੀ ਹੈ ਸਾਰੇ ਚੁੱਪ ਸਨ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮੀਟਿੰਗ ਦਾ ਮੁੱਦਾ ਕੀ ਹੈ….?
“ਇਹ ਅੱਜ ਦੀ ਮੀਟਿੰਗ ਦਾ ਪ੍ਰੈਸ ਨੋਟ ਸਾਰਿਆਂ ਪੱਤਰਕਾਰਾਂ ਨੂੰ ਦੇਣਾ ਹੈ,ਸਵੇਰੇ ਸਾਰੇ ਅਖਬਾਰਾਂ ਚ ਆਉਣਾ ਚਾਹੀਦਾ ਹੈ ਲੱਕੜਬੱਗਿਆ ।”ਰਾਜਾ ਜੀ ਨੇ ਪ੍ਰੈਸ ਨੋਟ ਪਹਿਲਾਂ ਹੀ ਟਾਈਪ ਕੀਤਾ ਹੋਇਆ ਸੀ । ਸਾਰੇ ਜਾਨਵਰਾਂ ਨੂੰ ਪ੍ਰੈਸ ਨੋਟ ਪ੍ਰਸ਼ਾਦ ਵਾਂਗ ਵੰਡ ਦਿੱਤਾ ਤੇ ਸਾਰਿਆਂ ਲਈ ਚਾਹ ਪਕੌੜਿਆਂ ਕੋਲਡ ਡਰਿੰਕਸ,ਜੂਸ ਦਾ ਇੰਤਜਾਮ ਸੀ । ਰਾਜਾ ਜੀ ਦਾ ਹੁਕਮ ਸੀ ਸਭ ਖਾ ਪੀ ਕੇ ਜਾਣ ।
“ਮੀਟਿੰਗ ਹਰ ਮੰਥ ਇੰਡ ਤੇ ਹੋਇਆ ਕਰੇਗੀ ।”ਰਾਜਾ ਜੀ ਬੋਲੇ
“ਪਰ ਮੀਟਿੰਗ ਤਾਂ ਹੋਈ ਹੀ ਨਹੀਂ…….?”ਗਧਾ ਬੋਲਿਆ
“ਤੂੰ ਜਿਆਦਾ ਸਿਆਣਾ ਤੈਨੂੰ ਪੁਛਿਆ ਕਿਸੇ ਨੇ….?” ਲੂੰਬੜ ਬੋਲਿਆ ਸੀ
“ਉਹੋ ਅੱਜ ਤਾਂ ਬਹੁਤ ਗਰਮੀ ਆ ।”ਰਾਜੇ ਨੇ ਕੋਲ ਬੈਠੀ ਹਿਰਨੀ ਨੂੰ ਕਿਹਾ
“ਜੀ ਸਰ ਬਹੁਤ ਗਰਮੀ ਆ ।” ਲੂੰਬੜ ਬੋਲਿਆ
“ਪਰ ਸਰ ਅੱਜ ਤਾਂ ਬਹੁਤ ਠੰਢ ਆ ।”ਗਧਾ ਇਕਦਮ ਬੋਲਿਆ
“ਤੈਨੂੰ ਕੀ ਪਤਾ ਉਏ ਠੰਡ ਕੀ ਹੁੰਦੀ ਆ ਤੇ ਗਰਮੀ ਕੀ ਹੁੰਦੀ ਆ ਤੈਨੂੰ ਐਂਵੇ ਨਹੀਂ ਬੰਦੇ ਗਧਾ ਕਹਿੰਦੇ ।” ਰਾਜਾ ਜੀ ਗੁੱਸੇ ਚ ਬੋਲੇ
“ਛੱਡੋ ਜਨਾਬ ਇਹ ਤਾਂ ਹੈ ਹੀ ਗਧਾ,ਤੁਸੀਂ ਸਾਡੇ ਹੁੰਦੇ ਆਪਣਾ ਦਿਮਾਗ ਕਿਉਂ ਲਾਈ ਜਾਂਦੇ ਹੋ,ਤੁਸੀਂ ਆਪਣਾ ਦਿਮਾਗ ਸਾਂਭ ਕੇ ਰੱਖੋ,ਕਿਤੇ ਜਰੂਰਤ ਪੈ ਜਾਂਦੀ ਆ ਜਨਾਬ ।”ਬਾਂਦਰ ਬੋਲਿਆ
“ਪਰ ਇਸ ਨੂੰ ਸਜ਼ਾ ਮਿਲੂਗੀ,ਇਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ।”ਰਾਜਾ ਜੀ ਬੋਲੇ
“ਬਿਲਕੁਲ ਸਰ,ਚੱਲ ਉਏ ਤੂੰ ਰਾਜਾ ਜੀ ਨੂੰ ਸਾਰਾ ਦਿਨ ਪੱਖੀ ਝੱਲਣੀ ਹੈ ਇਹੀ ਤੇਰੀ ਸਜ਼ਾ ਹੈ ।”ਬਾਂਦਰ ਨੇ ਗਧੇ ਨੂੰ ਕਿਹਾ “ਯੈਸ ਸਰ ।”ਗਧਾ ਬੋਲਿਆ ।
ਗਧਾ ਠੰਢ ਨਾਲ ਕੰਬਦਾ ਹੋਇਆ ਰਾਜਾ ਜੀ ਨੂੰ ਪੱਖੀ ਝੱਲ ਰਿਹਾ ਸੀ । ਰਾਜਾ ਜੀ ਆਕੜ ਕੇ ਆਪਣੇ ਸਿੰਘਾਸਨ ਤੇ ਬੈਠਾ ਸੀ । ਠੰਡ ਨਾਲ ਰਾਜੇ ਦੇ ਲੂ ਕੰਡੇ ਖੜੇ ਹੋ ਰਹੇ ਸਨ ।
1764,ਗੁਰੁ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
No comments:
Post a Comment